ਸੁਨਾਮੀਆਂ ਲਈ ਤਿਆਰ ਰਹੋ
ਆਸਟ੍ਰੇਲੀਆ ਦੇ ਉੱਤਰ-ਪੱਛਮੀ ਅਤੇ ਪੂਰਬੀ ਸਮੁੰਦਰੀ ਤੱਟਾਂ ਦੇ ਨਾਲ-ਨਾਲ ਸੁਨਾਮੀ ਆਉਣ ਦੀ ਸਭ ਤੋਂ ਵੱਧ ਸੰਭਾਵਨਾ ਹੁੰਦੀ ਹੈ। ਹਾਲਾਂਕਿ, ਇਹ ਕਿਤੇ ਵੀ ਆ ਸਕਦੀਆਂ ਹਨ।
ਅੱਜ ਦੀ ਤਿਆਰੀ, ਤੁਹਾਨੂੰ ਕੱਲ੍ਹ ਨੂੰ ਸੁਨਾਮੀ ਆਉਣ ਦੀ ਸੂਰਤ ਵਿੱਚ ਸੁਰੱਖਿਅਤ ਰਹਿਣ ਵਿੱਚ ਮਦਦ ਕਰ ਸਕਦੀ ਹੈ। ਆਪਣੇ ਘਰ ਦੇ ਹਰ ਵਿਅਕਤੀ ਨਾਲ ਗੱਲ ਕਰੋ ਅਤੇ ਇਕੱਠੇ ਤਿਆਰੀ ਕਰੋ, ਤਾਂ ਜੋ ਹਰ ਕੋਈ ਜਾਣਦਾ ਹੋਵੇ ਕਿ ਕੀ ਕਰਨਾ ਹੈ।
ਚੇਤਾਵਨੀ ਦੇ ਸੰਕੇਤਾਂ ਨੂੰ ਜਾਣੋ
ਜੇਕਰ ਤੁਸੀਂ ਇਨ੍ਹਾਂ ਵਿੱਚੋਂ ਕੋਈ ਵੀ ਸੰਕੇਤ ਵੇਖੋ, ਤਾਂ ਤੁਰੰਤ ਕਾਰਵਾਈ ਕਰੋ: ਅੰਦਰੂਨੀ ਇਲਾਕੇ ਵੱਲ ਜਾਂ ਉੱਚੀ ਜਗ੍ਹਾ ’ਤੇ ਚਲੇ ਜਾਓ।
ਜੇਕਰ ਤੁਹਾਨੂੰ ਧਰਤੀ ਹਿੱਲਦੀ ਮਹਿਸੂਸ ਹੋਵੇ
ਸੁਨਾਮੀ ਤੋਂ ਪਹਿਲਾਂ ਸਮੁੰਦਰ ਦੇ ਹੇਠਾਂ ਆਏ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਸਕਦੇ ਹਨ, ਹਾਲਾਂਕਿ ਦੂਰ ਆਏ ਭੂਚਾਲ ਹਮੇਸ਼ਾਂ ਮਹਿਸੂਸ ਨਹੀਂ ਹੁੰਦੇ ਹਨ।
ਜੇਕਰ ਤੁਸੀਂ ਸਮੁੰਦਰ ਦਾ ਪਾਣੀ ਪਿੱਛੇ ਨੂੰ ਹੱਟਦਾ ਵੇਖੋ
ਸੁਨਾਮੀ ਆਉਣ ਤੋਂ ਪਹਿਲਾਂ ਸਮੁੰਦਰ ਦਾ ਪਾਣੀ ਅਚਾਨਕ ਪਿੱਛੇ ਨੂੰ ਹੱਟ ਸਕਦਾ ਹੈ (ਪਰ ਹਮੇਸ਼ਾ ਇਸ ਤਰ੍ਹਾਂ ਨਹੀਂ ਹੁੰਦਾ ਹੈ)। ਇਹ ਫਿਰ ਇੱਕ ਤੇਜ਼ ਰਫ਼ਤਾਰ ਵਾਲੀ ਲਹਿਰ ਦੇ ਰੂਪ ਵਿੱਚ ਵਾਪਸ ਆਉਂਦਾ ਹੈ।
ਜੇਕਰ ਤੁਸੀਂ ਕੋਈ ਅਜੀਬ ਗੜਗੜਾਹਟ ਦੀ ਆਵਾਜ਼ ਸੁਣੋ
ਸਮੁੰਦਰ ਵੱਲੋਂ ਆਉਣ ਵਾਲੀ ਉੱਚੀ ਗੜਗੜਾਹਟ ਸੁਨਾਮੀ ਦੇ ਨੇੜੇ ਆਉਣ ਦਾ ਸੰਕੇਤ ਹੋ ਸਕਦੀ ਹੈ।
ਇੱਕ ਐਮਰਜੈਂਸੀ ਯੋਜਨਾ ਬਣਾਓ
- ਐਮਰਜੈਂਸੀ ਵਿੱਚ ਤੁਸੀਂ ਕਿਸ ਨੂੰ ਫ਼ੋਨ ਕਰੋਗੇ?
- ਤੁਹਾਨੂੰ ਛੱਡ ਕੇ ਕਦੋਂ ਜਾਣਾ ਚਾਹੀਦਾ ਹੈ ਅਤੇ ਜਦੋਂ ਤੁਸੀਂ ਜਾਵੋਗੇ ਤਾਂ ਤੁਸੀਂ ਕਿਵੇਂ ਸੁਰੱਖਿਅਤ ਰਹੋਗੇ?
- ਤੁਸੀਂ ਕਿੱਥੇ ਜਾਵੋਗੇ?
ਐਮਰਜੈਂਸੀ ਕਿੱਟ ਪੈਕ ਕਰੋ
ਆਪਣੀ ਐਮਰਜੈਂਸੀ ਕਿੱਟ ਵਿੱਚ ਕੀ-ਕੀ ਪੈਕ ਕਰਨਾ ਹੈ?
- ਕੱਪੜੇ
- ਉੱਨੀ ਕੰਬਲ
- ਨਹਾਉਣ-ਧੋਣ ਦਾ ਸਾਮਾਨ ਅਤੇ ਟਾਇਲਟ ਪੇਪਰ
- ਸਨਸਕ੍ਰੀਨ ਅਤੇ ਹੈਂਡ ਸੈਨੀਟਾਈਜ਼ਰ
- ਦਵਾਈਆਂ ਅਤੇ ਫ਼ਸਟ ਏਡ ਕਿੱਟ
- ਪਾਣੀ (ਹਰ ਵਿਅਕਤੀ ਲਈ ਪ੍ਰਤੀ ਦਿਨ ਲਈ ਘੱਟੋ-ਘੱਟ 3 ਲੀਟਰ)
- ਭੋਜਨ (ਲੰਬੇ ਸਮੇਂ ਤੱਕ ਖ਼ਰਾਬ ਨਾ ਹੋਣ ਵਾਲਾ ਭੋਜਨ ਅਤੇ ਕੈਨ ਓਪਨਰ)
- ਬੈਟਰੀ ਨਾਲ ਚੱਲਣ ਵਾਲਾ ਰੇਡੀਓ
- ਟਾਰਚ ਅਤੇ ਵਾਧੂ ਬੈਟਰੀਆਂ (ਸੈੱਲ)।
ਜੇਕਰ ਤੁਹਾਨੂੰ ਘਰ ਛੱਡਣਾ ਪਵੇ, ਤਾਂ ਇਹ ਸਾਮਾਨ ਜ਼ਰੂਰ ਨਾਲ ਲੈ ਕੇ ਜਾਓ:
- ਮੋਬਾਈਲ ਫ਼ੋਨ ਅਤੇ ਚਾਰਜਰ
- ਮਹੱਤਵਪੂਰਨ ਦਸਤਾਵੇਜ਼
- ਕੀਮਤੀ ਸਾਮਾਨ
- ਨਕਦੀ ਅਤੇ ਬੈਂਕ ਕਾਰਡ
- ਦਵਾਈਆਂ।

